Pakistan Blast: ਬਲੋਚਿਸਤਾਨ ‘ਚ ਰੇਲਵੇ ਟ੍ਰੈਕ ‘ਤੇ ਜ਼ਬਰਦਸਤ ਧਮਾਕਾ; 20 ਲੋਕ ਜ਼ਖਮੀ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਐਤਵਾਰ ਨੂੰ ਇੱਕ ਰੇਲਵੇ ਲਾਈਨ ‘ਤੇ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 20 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ।
ਪੁਲੀਸ ਨੇ ਦੱਸਿਆ ਕਿ ਧਮਾਕੇ ਵਿੱਚ ਇੱਕ ਟ੍ਰੇਨ ਨੂੰ ਮਾਮੂਲੀ ਨੁਕਸਾਨ ਪਹੁੰਚਿਆ, ਜਦੋਂ ਕਿ ਇਲਾਕੇ ਵਿੱਚ ਖੜ੍ਹੇ 10 ਵਾਹਨ ਵੀ ਨੁਕਸਾਨੇ ਗਏ। ਮੀਡੀਆ ਰਿਪੋਰਟ ਮੁਤਾਬਕ ਧਮਾਕੇ ਦੇ ਪ੍ਰਭਾਵ ਨਾਲ ਨੇੜਲੀਆਂ ਇਮਾਰਤਾਂ ਦੇ ਸ਼ੀਸ਼ੇ ਅਤੇ ਖਿੜਕੀਆਂ ਟੁੱਟ ਗਈਆਂ ਹਨ।
ਇਸ ਘਟਨਾ ਤੋਂ ਬਾਅਦ, ਕੋਇਟਾ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ, ਸਥਿਤੀ ਨੂੰ ਸੰਭਾਲਣ ਲਈ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਬੁਲਾਇਆ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪੇਸ਼ਾਵਰ ਜਾਣ ਵਾਲੀ ਜਾਫਰ ਐਕਸਪ੍ਰੈਸ ਨੂੰ ਧਮਾਕੇ ਤੋਂ ਬਾਅਦ ਸੁਰੱਖਿਆ ਦੇ ਲਿਹਾਜ਼ ਨਾਲ ਕੋਇਟਾ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ ਸੀ। ਗ੍ਰਹਿ ਮੰਤਰੀ ਦੇ ਬੁਲਾਰੇ ਬਾਬਰ ਯੂਸਫ਼ਜ਼ਈ ਨੇ ਕਿਹਾ ਕਿ ਸ਼ਹਿਰ ਵਿੱਚ ਹੋਏ ਧਮਾਕੇ ਤੋਂ ਬਾਅਦ ਸਾਰੀਆਂ ਸਬੰਧਤ ਸੰਸਥਾਵਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਯਕੀਨੀ ਬਣਾਉਣ ਅਤੇ ਬਚਾਅ ਟੀਮਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਰਾਹਤ ਕਾਰਜ ਚਲਾਉਣ ਦੇਣ ਲਈ ਧਮਾਕੇ ਵਾਲੀ ਥਾਂ ਦੇ ਨੇੜੇ ਇਕੱਠੇ ਨਾ ਹੋਣ।



