ਮੋਦੀ ਸਰਕਾਰ ਨੇ ਪੰਜਾਬ ਨਾਲ ਸਿਰਫ਼ ਵਿਤਕਰਾ ਕੀਤਾ, 12 ਸਾਲਾਂ ਵਿੱਚ ਸੂਬੇ ਨੂੰ ਇੱਕ ਵੀ ਵੱਡਾ ਪ੍ਰੋਜੈਕਟ ਨਹੀਂ ਮਿਲਿਆ: ਰਵੀਸ਼ ਰਾਜ
ਕਿਸਾਨਾਂ ਨੂੰ ਅੱਜ ਤੱਕ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਮਿਲੀ, ਬੀਬੀਐਮਬੀ ਨਾਲ ਜੁੜੇ ਫ਼ੈਸਲਿਆਂ ਵਿੱਚ ਵੀ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦੀ ਅਣਦੇਖੀ

Punjab Headlines News
ਜਲੰਧਰ – Kapil Khanna
ਕਾਂਗਰਸੀ ਆਗੂ ਅਤੇ ਪੰਜਾਬ ਬ੍ਰਾਹਮਣ ਬੋਰਡ ਦੇ ਸਾਬਕਾ ਡਾਇਰੈਕਟਰ ਰਵੀਸ਼ ਰਾਜ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨਾਲ ਲਗਾਤਾਰ ਵਿਤਕਰਾ ਕੀਤਾ ਹੈ। ਚਾਹੇ ਕਿਸਾਨਾਂ ਦੇ ਮੁੱਦੇ ਹੋਣ, ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ ਹੋਵੇ, ਵੱਡੇ ਉਦਯੋਗਿਕ ਪ੍ਰੋਜੈਕਟ, ਉਦਯੋਗਾਂ ਨੂੰ ਪ੍ਰੋਤਸਾਹਨ, ਸਰਹੱਦੀ ਸੂਬੇ ਦੀ ਸੁਰੱਖਿਆ ਜਾਂ ਨਸ਼ਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਰਣਨੀਤੀ—ਹਰ ਮੋਰਚੇ ‘ਤੇ ਪੰਜਾਬ ਆਪਣੇ ਆਪ ਨੂੰ ਅਣਡਿੱਠਾ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਪੁੱਛ ਰਿਹਾ ਹੈ ਕਿ ਆਖ਼ਰ ਇਹ ਵਿਤਕਰਾ ਕਦੋਂ ਤੱਕ ਜਾਰੀ ਰਹੇਗਾ। 12 ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਦੀ ਝੋਲੀ ਖਾਲੀ ਹੈ ਅਤੇ ਸੂਬੇ ਨੂੰ ਇੱਕ ਵੀ ਵੱਡਾ ਕੇਂਦਰੀ ਪ੍ਰੋਜੈਕਟ ਨਹੀਂ ਮਿਲਿਆ।
ਰਵੀਸ਼ ਰਾਜ ਨੇ ਕਿਹਾ ਕਿ ਕਿਸਾਨਾਂ ਨੂੰ ਅੱਜ ਤੱਕ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਨਹੀਂ ਮਿਲੀ, ਜਦਕਿ ਬੀਬੀਐਮਬੀ ਨਾਲ ਜੁੜੇ ਫ਼ੈਸਲਿਆਂ ਵਿੱਚ ਵੀ ਪੰਜਾਬ ਦੇ ਹਿੱਤਾਂ ਅਤੇ ਦਰਿਆਈ ਪਾਣੀਆਂ ‘ਤੇ ਉਸ ਦੇ ਰਵਾਇਤੀ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਸਰਹੱਦੀ ਸੂਬੇ ਨਾਲ ਅਜਿਹਾ ਵਿਤਕਰਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪੰਜਾਬ ਨੂੰ ਵੱਡੇ ਵਿਕਾਸ ਪੈਕੇਜ, ਨਵੇਂ ਉਦਯੋਗ, ਰੁਜ਼ਗਾਰ ਸਿਰਜਣਾ ਅਤੇ ਲੰਬੇ ਸਮੇਂ ਤੋਂ ਲਟਕੇ ਵਿੱਤੀ ਮੁੱਦਿਆਂ ਦੇ ਹੱਲ ਦੀ ਉਮੀਦ ਸੀ, ਪਰ ਸੂਬੇ ਨੂੰ ਸਿਰਫ਼ ਰਸਮੀ ਐਲਾਨ ਹੀ ਮਿਲੇ। ਉਨ੍ਹਾਂ ਕਿਹਾ ਕਿ ਜੀਐਸਟੀ ਮੁਆਵਜ਼ਾ, ਰੂਰਲ ਡਿਵੈਲਪਮੈਂਟ ਫੰਡ, ਅਨਾਜ ਖਰੀਦ ਦਾ ਬਕਾਇਆ ਅਤੇ ਕੈਸ਼ ਕਰੈਡਿਟ ਲਿਮਿਟ ਵਰਗੇ ਮੁੱਦੇ ਸਾਲਾਂ ਤੋਂ ਲਟਕੇ ਹੋਏ ਹਨ।
ਉਨ੍ਹਾਂ ਕਿਹਾ ਕਿ ਸਿਰਫ਼ ਰੇਲਵੇ ਸਟੇਸ਼ਨਾਂ ਦਾ ਉਦਘਾਟਨ, ਸੜਕਾਂ ਦਾ ਲੋਕ ਅਰਪਣ ਜਾਂ ਚੋਣੀ ਭਾਸ਼ਣ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹਨ। ਪੰਜਾਬ ਨੇ ਹਮੇਸ਼ਾ ਦੇਸ਼ ਦੀ ਖਾਦ ਸੁਰੱਖਿਆ, ਸਰਹੱਦਾਂ ਦੀ ਰੱਖਿਆ ਅਤੇ ਰਾਸ਼ਟਰੀ ਏਕਤਾ ਵਿੱਚ ਅਹਿਮ ਯੋਗਦਾਨ ਪਾਇਆ ਹੈ, ਇਸ ਲਈ ਪੰਜਾਬ ਨੂੰ ਉਸਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ, ਨਾ ਕਿ ਅਣਗੌਲਿਆ। ਰਵੀਸ਼ ਰਾਜ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਸਿਰਫ਼ ਭਰੋਸੇ ਨਹੀਂ, ਸਗੋਂ ਬਰਾਬਰੀ ਦਾ ਸਲੂਕ, ਠੋਸ ਵਿਕਾਸ ਯੋਜਨਾਵਾਂ ਅਤੇ ਸੂਬੇ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਫ਼ੈਸਲੇ ਚਾਹੁੰਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਹੋ ਰਹੇ ਇਸ ਵਿਤਕਰੇ ਨੂੰ ਖਤਮ ਕਰਕੇ ਆਪਣੀ ਨੀਅਤ ਅਤੇ ਨੀਤੀ ਦੋਵੇਂ ਸਪੱਸ਼ਟ ਕਰੇ।




