ਡਿਪਟੀ ਕਮਿਸ਼ਨਰ ਵੱਲੋਂ ਪੈਨਸ਼ਨਰਾਂ ਨੂੰ ਪੈਨਸ਼ਨਰ ਸੇਵਾ ਪੋਰਟਲ ਦੀ ਵਰਤੋਂ ਕਰਨ ਦੀ ਅਪੀਲ
ਡਿਜੀਟਲ ਪਹਿਲ ਨੂੰ ਪੈਨਸ਼ਨ ਨਾਲ ਸਬੰਧਤ ਮੁੱਦਿਆਂ ਦਾ ਤੇਜ਼ ਤੇ ਸੁਚਾਰੂ ਹੱਲ ਦੱਸਿਆ

ਜਲੰਧਰ, ( ) : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਰਾਜ ਸਰਕਾਰ ਦੇ ਪੈਨਸ਼ਨਰਾਂ ਨੂੰ ਪੈਨਸ਼ਨਰ ਸੇਵਾ ਪੋਰਟਲ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ, ਜੋ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਨਾਲ ਸਬੰਧਤ ਮੁੱਦਿਆਂ ਦੇ ਜਲਦ ਅਤੇ ਸੁਵਿਧਾਜਨਕ ਨਿਪਟਾਰੇ ਲਈ ਸ਼ੁਰੂ ਕੀਤੀ ਗਈ ਇੱਕ ਡਿਜੀਟਲ ਪਹਿਲ ਹੈ। ਉਨ੍ਹਾਂ ਇਹ ਅਪੀਲ ਜਲੰਧਰ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਲਗਾਏ ਗਏ ਪੈਨਸ਼ਨਰ ਸੇਵਾ ਮੇਲੇ ਦਾ ਦੌਰਾ ਕਰਦਿਆਂ ਕੀਤੀ।
ਇਸ ਮੌਕੇ ਬੋਲਦਿਆਂ ਡਾ. ਅਗਰਵਾਲ ਨੇ ਕਿਹਾ ਕਿ ਇਹ ਪੋਰਟਲ ਪੈਨਸ਼ਨਰਾਂ ਦੇ ਅਨੁਭਵ ਨੂੰ ਹੋਰ ਵੀ ਆਸਾਨ ਬਣਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਉਹ ਘਰ ਬੈਠੇ ਇੱਕ ਕਲਿੱਕ ਨਾਲ ਆਪਣੇ ਪੈਨਸ਼ਨ ਖਾਤਿਆਂ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਹ ਪਲੇਟਫਾਰਮ ਪੈਨਸ਼ਨਰਾਂ ਨੂੰ ਸਰਕਾਰੀ ਦਫ਼ਤਰਾਂ ਜਾਂ ਬੈਂਕਾਂ ਵਿੱਚ ਜਾਣ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ ਅਤੇ ਜਾਣਕਾਰੀ ਤੇ ਅਪਡੇਟਸ ਲਈ ਇੱਕ ਭਰੋਸੇਮੰਦ ਅਤੇ ਪਾਰਦਰਸ਼ੀ ਪ੍ਰਣਾਲੀ ਪ੍ਰਦਾਨ ਕਰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਜਲੰਧਰ ਜ਼ਿਲ੍ਹੇ ਦੇ 26,000 ਤੋਂ ਵੱਧ ਸਟੇਟ ਪੈਨਸ਼ਨਰਾਂ ਨੂੰ ਸਿੱਧਾ ਲਾਭ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੋਰਟਲ ਦੀ ਵਰਤੋਂ ਕਰਨ ਲਈ ਪੈਨਸ਼ਨਰਾਂ ਨੂੰ ਆਪਣੀ ਈ-ਕੇਵਾਈਸੀ (eKYC) ਪ੍ਰਕਿਰਿਆ ਖਜ਼ਾਨਾ ਦਫ਼ਤਰ ਜਾਂ ਆਪਣੇ ਸਬੰਧਤ ਬੈਂਕਾਂ ਵਿੱਚ ਪੂਰੀ ਕਰਨੀ ਪਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਨਲਾਈਨ ਸੇਵਾਵਾਂ ਦੀ ਵਰਤੋਂ ਕਰਨ ਲਈ ਇੱਕ ਲਾਗਇਨ ਆਈਡੀ ਪ੍ਰਾਪਤ ਹੋਵੇਗੀ। ਇਕ ਵਾਰ ਪੋਰਟਲ ‘ਤੇ ਰਜਿਸਟਰ ਹੋਣ ਤੋਂ ਬਾਅਦ ਪੈਨਸ਼ਨਰ ਆਪਣੇ ਪੈਨਸ਼ਨ ਖਾਤਿਆਂ ਬਾਰੇ ਵਿਸਥਾਰਤ ਜਾਣਕਾਰੀ ਚੈੱਕ ਕਰ ਸਕਦੇ ਹਨ, ਸੰਬੰਧਿਤ ਦਸਤਾਵੇਜ਼ ਡਾਊਨਲੋਡ ਕਰ ਸਕਦੇ ਹਨ ਅਤੇ ਘਰ ਬੈਠੇ ਸੇਵਾਵਾਂ ਸਬੰਧੀ ਅਰਜ਼ੀਆਂ ਨੂੰ ਟਰੈਕ ਕਰ ਸਕਦੇ ਹਨ।
ਜ਼ਿਲ੍ਹਾ ਖਜ਼ਾਨਾ ਅਫ਼ਸਰ ਅਮਰਨਾਥ, ਖਜ਼ਾਨਾ ਅਫ਼ਸਰ ਹਰਸ਼ ਬਾਲਾ, ਦੀਪਤੀ ਗੁਪਤਾ, ਸੀਮਾ ਅਤੇ ਹੋਰ ਅਧਿਕਾਰੀਆਂ ਨੇ ਡਾ. ਅਗਰਵਾਲ ਦਾ ਪੈਨਸ਼ਨਰ ਮੇਲੇ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੇਲੇ ਵਿੱਚ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਪੈਨਸ਼ਨਰਾਂ ਵਿੱਚ ਡਿਜੀਟਲ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਖਜ਼ਾਨਾ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।


